Close
Menu

22 ਲੱਖ ਖਾਲੀ ਅਸਾਮੀਆਂ ਭਰਾਂਗੇ: ਰਾਹੁਲ

-- 26 April,2019

ਅਜਮੇਰ, 26 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਬੇਰੁਜ਼ਗਾਰੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਨਿਸ਼ਾਨਾ ਸੇਧਦਿਆਂ ਅੱਜ ਇੱਥੇ ਕਿਹਾ ਕਿ ਦੇਸ਼ ਵਿੱਚ 22 ਲੱਖ ਸਰਕਾਰੀ ਅਹੁਦੇ ਖਾਲੀ ਪਏ ਹਨ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਇੱਕ ਸਾਲ ਦੇ ਅੰਦਰ ਭਰ ਦੇਵੇਗੀ। ਰਾਜਸਥਾਨ ਵਿੱਚ ਇੱਕ ਰੋਜ਼ਾ ਦੌਰੇ ’ਤੇ ਆਏ ਰਾਹੁਲ ਨੇ ਕਿਹਾ, ‘‘ਅੱਜ ਹਿੰਦੁਸਤਾਨ ਵਿੱਚ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਪਰ 22 ਲੱਖ ਸਰਕਾਰੀ ਅਹੁਦੇ ਖਾਲੀ ਪਏ ਹਨ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਇੱਕ ਸਾਲ ਦੇ ਅੰਦਰ ਕਾਂਗਰਸ ਪਾਰਟੀ ਇਨ੍ਹਾਂ ਅਹੁਦਿਆਂ ਨੂੰ ਭਰ ਦੇਵੇਗੀ ਅਤੇ ਤੁਹਾਡੇ ਹਵਾਲੇ ਕਰ ਦੇਵੇਗੀ।’’ ਉਨ੍ਹਾਂ ਕਿਹਾ, ‘‘10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ਵਿੱਚ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਜੋ ਕਾਂਗਰਸ ਪਾਰਟੀ ਦੇਵੇਗੀ।’’
ਰਾਹੁਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਆਖੀ ਸੀ, ਕੀ ਇਸ ਇਕੱਠ ਵਿੱਚ ਕੋਈ ਅਜਿਹਾ ਵਿਅਕਤੀ ਹੈ, ਜਿਸ ਨੂੰ ਨਰਿੰਦਰ ਮੋਦੀ ਨੇ ਰੁਜ਼ਗਾਰ ਦਿੱਤਾ ਹੋਵੇ?’’ ਉਨ੍ਹਾਂ ਕਿਹਾ ਕਿ ‘ਨਿਆਏ’ ਯੋਜਨਾ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਤੁਸੀਂ ਚੁਣਨਾ ਹੈ… ਇੱਕ ਪਾਸੇ ਨਰਿੰਦਰ ਮੋਦੀ ਹੈ, ਜੋ ਜਿੱਥੇ ਵੀ ਜਾਂਦੇ ਹਨ, ਝੂਠ ਬੋਲਦੇ ਹਨ। ਇਕ ਤੋਂ ਬਾਅਦ ਇੱਕ ਝੂਠ। 15 ਲੱਖ ਦਾ ਝੂਠ, ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਾ ਝੂਠ, ਕਿਸਾਨਾਂ ਨੂੰ ਸਹੀ ਭਾਅ ਦੇਣ ਵਾਲਾ ਝੂਠ।’’ ਉਨ੍ਹਾਂ ਕਿਹਾ, ‘‘ਉੱਥੇ, ਦੂਜੇ ਪਾਸੇ ਸਚਾਈ ਹੈ, ਤਿੰਨ ਲੱਖ ਸੱਠ ਹਜ਼ਾਰ ਰੁਪਏ ਦੀ ਸਚਾਈ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਚਾਈ, ਕਿਸਾਨਾਂ ਦਾ ਬਜਟ ਦੇਣ ਵਾਲੀ ਸਚਾਈ। ਕਿਸਾਨਾਂ ਨੂੰ ਜੇਲ੍ਹ ਵਿੱਚ ਨਾ ਸੁੱਟਣ ਵਾਲੀ ਸਚਾਈ, ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਵਾਲੀ ਸਚਾਈ, ਨਿਆਏ ਯੋਜਨਾ ਦੀ ਸਚਾਈ।’’ ਰਾਹੁਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਤਿੰਨ ਸਾਲਾਂ ਤੱਕ ਕੋਈ ਮਨਜ਼ੂਰੀ ਨਹੀਂ ਲੈਣੀ ਪਵੇਗੀ।

Facebook Comment
Project by : XtremeStudioz