Close
Menu

70,000 ਐਲੀਮੈਂਟਰੀ ਸਕੂਲ ਅਧਿਆਪਕਾਂ ਵਲੋਂ ਵਰਕ ਟੂ ਰੂਲ ਦਾ ਅਗਲਾ ਪੜਾਅ ਸ਼ੁਰੂ

-- 22 September,2015

ਟੋਰਾਂਟੋ – ਕੈਨੇਡਾ ਦੇ ਓਨਟਾਰੀਓ ਸੂਬੇ ਦੇ 70,000 ਪਬਲਿਕ ਐਲੀਮੈਂਟਰੀ ਸਕੂਲ ਅਧਿਆਪਕਾਂ ਵਲੋਂ ਆਪਣੇ ਸੰਘਰਸ਼ ਵਰਕ ਟੂ ਰੂਲ ਦਾ ਅਗਲਾ ਪੜਾਅ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ। ਐਲੀਮੈਂਟਰੀ ਟੀਚਰਜ਼ ਫ਼ੈਡਰੇਸ਼ਨ ਆਫ਼ ਓਨਟਾਰੀਓ (ਈਟੀਐਫ਼ਓ) ਵਲੋਂ ਆਪਣੇ 70 ਹਜ਼ਾਰ ਮੈਂਬਰਾਂ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਸੰਘਰਸ਼ ਦੇ ਸਮੇਂ ਦੌਰਾਨ ਕੋਈ ਵੀ ਟੀਚਰ ਰਿਪੋਰਟ ਕਾਰਡਾਂ ‘ਤੇ ਆਪਣੇ ਵਿਚਾਰ ਨਹੀਂ ਲਿਖੇਗਾ ਅਤੇ ਗੈਰ-ਹਾਜ਼ਰ ਟੀਚਰਾਂ ਦੀ ਥਾਂ ਨਹੀਂ ਜਾਵੇਗਾ। ਮਹੱਤਵਪੂਰਨ ਮਸਲੇ ਤੋਂ ਬਿਨਾਂ ਕੋਈ ਵੀ ਟੀਚਰ ਅਧਿਆਪਕ-ਮਾਪੇ ਇੰਟਰਵਿਊ ਨਹੀਂ ਕਰੇਗਾ, ਕਿਸੇ ਵੀ ਐਡਮਨਿਸਟਰੇਟਿਵ ਈਮੇਲ ਦਾ ਜਵਾਬ ਨਹੀਂ ਦੇਵੇਗਾ। ਆਪਣੇ ਪਲਾਨ ਜਮ੍ਹਾਂ ਨਹੀਂ ਕਰਵਾਏਗਾ। ਕਲਾਸ ਰੂਮ ਵੈਬਸਾਈਟ ਅਪਡੇਟ ਨਹੀਂ ਕਰੇਗਾ ਜਾਂ ਪਰਸਨਲ ਡਿਵੈਲਪਮੈਂਟ ਮੀਟਰਿੰਗਜ਼ ‘ਚ ਹਾਜ਼ਰੀ ਨਹੀਂ ਦੇਵੇਗਾ। ਯੂਨੀਅਨ ਨੇਤਾਵਾਂ ਅਨੁਸਾਰ ਹਰ ਹਫ਼ਤੇ ਬੁੱਧਵਾਰ ਵਾਲੇ ਦਿਨ ਨੂੰ ‘ਵਾਈਅਨ ਵੈਡਨੈਸਡੇਜ਼’ ਵਜੋਂ ਮਨਾਇਆ ਜਾਵੇਗਾ, ਜਦੋਂ ਸਾਰੇ ਟੀਚਰ ਕਲਾਸ ਰੂਮ ਤੋਂ ਬਾਹਰ ਕਿਸੇ ਗਤੀਵਿਧੀ ‘ਚ ਭਾਗ ਨਹੀਂ ਲਵੇਗਾ। ਉਨ੍ਹਾਂ ਨੂੰ (ਈਟੀਐਫ਼ਓ) ਮਾਰਕ ਵਾਲੀਆਂ ਟੀ-ਸ਼ਰਟਸ, ਗੂੜੇ ਰੰਗ ਦੀਆਂ ਜਾਂ ਬੇਸਬਾਲ ਕੈਪ ਪਹਿਣ ਕੇ ਪਿਕਟ ਲਾਈਨ ਤੇ ਰੈਲੀਆਂ ਕਰਨ ਅਤੇ ਆਪਣੇ ਸੰਘਰਸ਼ ਸੰਬੰਧੀ ਈ-ਮੇਲਜ਼ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਫੇਰ ਵੀ ਗੱਲਬਾਤ ਲਈ ਕੋਈ ਰਾਹ ਪੱਧਰਾ ਨਾ ਹੋਇਆ ਤਾਂ ਅਕਤੂਬਰ ਮਹੀਨੇ ‘ਚ ਇੱਕ ਦਿਨਾਂ ਹੜਤਾਲ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਪਿਛਲੇ ਹਫ਼ਤੇ ਸਰਕਾਰ, ਪਬਲਿਕ ਸਕੂਲ ਬੋਰਡਜ਼ ਅਤੇ ਯੂਨੀਅਨ ਵਿਚਕਾਰ ਗੱਲਬਾਤ ਬਿਨਾਂ ਕਿਸੇ ਸਿੱਟੇ ਤੇ ਪੁੱਜਣ ਤੋਂ ਖ਼ਤਮ ਹੋ ਗਈ ਸੀ।

Facebook Comment
Project by : XtremeStudioz