Close
Menu

’84 ਕਤਲੇਆਮ ’ਚ ਕਾਂਗਰਸ ਦੀ ਸ਼ਮੂਲੀਅਤ ਜੱਗ-ਜ਼ਾਹਰ ਹੋਈ: ਸੁਖਬੀਰ

-- 25 December,2018

ਮੌੜ ਮੰਡੀ, 25 ਦਸੰਬਰ
ਬੀਤੇ ਦਿਨੀਂ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ 1984 ਦੇ ਕਤਲੇਆਮ ਵਿਚ ਕਾਂਗਰਸੀ ਆਗੂਆਂ ਦੀ ਸਿੱਧੇ ਤੌਰ ’ਤੇ ਸ਼ਮੂਲੀਅਤ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮੌੜ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਹੈ ਕਿ ਦੇਸ਼ ਵਿਚ ਗਾਂਧੀ ਪਰਿਵਾਰ ਦੇ ਨਾਂ ’ਤੇ ਐਵਾਰਡ, ਸੜਕ, ਸਕੂਲ, ਹਵਾਈ ਅੱਡੇ ਤੇ ਯੂਨੀਵਰਸਿਟੀਆਂ ਆਦਿ ਦੇ ਨਾਂ ਬਦਲੇ ਜਾਣ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਸਰਕਾਰ ਨੇ ਰਾਜੀਵ ਗਾਂਧੀ ਨੂੰ ਮਿਲੇ ਭਾਰਤ ਰਤਨ ਐਵਾਰਡ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਪਰ ਦੂਜੇ ਦਿਨ ਹੀ ਮਤੇ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ‘ਆਪ’ ਤੇ ਕਾਂਗਰਸ ਸਿੱਖਾਂ ਦੀਆਂ ਦੋਖੀ ਪਾਰਟੀਆਂ ਹਨ। ਅੱਜ ਦੀ ਵਰਕਰ ਮੀਟਿੰਗ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਹਾਜ਼ਰ ਸਨ।
ਤਲਵੰਡੀ ਸਾਬੋ : ਅੱਜ ਇੱਥੇ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ਹਲਕੇ ਦੇ ਪਾਰਟੀ ਵਰਕਰਾਂ ਨਾਲ ਸਥਾਨਕ ਚੱਠਾ ਪੈਲਿਸ ਵਿਚ ਖੁੱਲ੍ਹੀ ਮੀਟਿੰਗ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਵੀਆਈਪੀ ਕਲਚਰ ਦੀ ਥਾਂ ਤੋਂ ਪਾਸੇ ਉੱਠ ਕੇ ਸਾਦੇ ਢੰਗ ਨਾਲ ਪਾਰਟੀ ਵਰਕਰਾਂ ਨਾਲ ਮਿਲਣੀ ਕੀਤੀ। ਇਸ ਮੌਕੇ ਜਿੱਥੇ ਵਰਕਰਾਂ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਦੇ ਰਾਜ ਤੋਂ ਅੱਕੇ ਲੋਕਾਂ ਦੀਆਂ ਭਾਵਨਾਵਾਂ ਪਾਰਟੀ ਪ੍ਰਧਾਨ ਨੂੰ ਦੱਸੀਆਂ। ਉਨ੍ਹਾਂ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਸਮੇਂ ਕਾਂਗਰਸੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਸਬੰਧੀ ਵੀ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ। ਸਖਬੀਰ ਸਿੰਘ ਬਾਦਲ ਨੇ ਇਸ ਮੌਕੇ ਹਰ ਵਰਕਰ ਨਾਲ ਖੁੱਲ੍ਹ ਕੇ ਫੋਟੋਆਂ ਖਿਚਵਾਈਆਂ। ਮੀਟਿੰਗ ਦੌਰਾਨ ਸਾਬਕਾ ਹਲਕਾ ਵਿਧਾਇਕ ਜੀਤ ਮੁਹਿੰਦਰ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦੀ ਹਰ ਵਰਕਰ ਨਾਲ ਜਾਣ ਪਛਾਣ ਕਰਵਾਈ ਅਤੇ ਪਾਰਟੀ ਪ੍ਰਤੀ ਕੀਤੇ ਕਾਰਜਾਂ ਬਾਰੇ ਦੱਸਿਆ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਕਤ ਵਰਕਰ ਮਿਲਣੀਆਂ ਸਮੁੱਚੇ ਪੰਜਾਬ ਦੇ 117 ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ। ਸ੍ਰੀ ਬਾਦਲ ਨੇ ਤਲਵੰਡੀ ਸਾਬੋ ਫੇਰੀ ਦੌਰਾਨ ਤਖ਼ਤ ਸਾਹਿਬ ਵਿਚ ਵੀ ਮੱਥਾ ਟੇਕਿਆ ਤੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ।

Facebook Comment
Project by : XtremeStudioz