Close
Menu

’84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਦਿੱਤੀ ਜਾਵੇਗੀ-ਰਾਹੁਲ ਗਾਂਧੀ

-- 13 May,2019

ਸੈਮ ਪਿਤਰੋਦਾ ਦੀ ‘ਹੂਆ ਤੋ ਹੁਆ’ ਟਿੱਪਣੀ ਨੂੰ ਬੇਹੱਦ ਸ਼ਰਮਨਾਕ ਦੱਸਿਆ

ਫਤਹਿਗੜ ਸਾਹਿਬ ਤੇ ਹੁਸ਼ਿਆਰਪੁਰ ਹਲਕਿਆਂ ਵਿੱਚ ਕਾਂਗਰਸ ਦੀ ਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੁੰਚਾਇਆ

ਨਯਾਏ ਕਾਂਗਰਸ ਦਾ ਗਰੀਬੀ ’ਤੇ ਸਰਜਿਕਲ ਸਟ੍ਰਾਈਕ ਹੋਵੇਗਾ- ਰਾਹੁਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਵਾਅਦੇ ਪੂਰੇ ਕਰਨ ਦਾ ਭਰੋਸਾ

ਕਾਂਗਰਸ ਦੇ ਕੇਂਦਰ ’ਚ ਆਉਣ ਤੋਂ ਬਾਅਦ ‘ਇਕ ਰੈਂਕ, ਇਕ ਪੈਨਸ਼ਨ’ ਸਹੀ ਮਾਅਨਿਆਂ ’ਚ ਲਾਗੂ ਹੋਵੇਗੀ

ਫਤਹਿਗੜ ਸਾਹਿਬ/ਹੁਸ਼ਿਆਰਪੁਰ, 13 ਮਈ:

ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਲੋਕਾਂ ਨਾਲ ਫਰੇਬ ਕਰਨ ਅਤੇ ਢੀਠਤਾ ਨਾਲ ਝੂਠ ਬੋਲਣ ਲਈ ਨਰੇਂਦਰ ਮੋਦੀ ’ਤੇ ਤਾਬੜ ਤੋੜ ਹਮਲੇ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਲਾਜ਼ਮੀ ਤੌਰ ’ਤੇ ਸਜ਼ਾ ਮਿਲਣੀ ਚਾਹੀਦੀ ਹੈ। ਉਨਾਂ ਮੁੜ ਦੁਹਰਾਇਆ ਕਿ ਇਸ ਦੁਖਾਂਤ ਬਾਰੇ ਸੈਮ ਪਿਤਰੋਦਾ ਦੀ ‘ਹੂਆ ਤੋ ਹੂਆ’ ਟਿੱਪਣੀ ਬਹੁਤ ਸ਼ਰਮਨਾਕ ਹੈ।

ਇਨਾਂ ਦੰਗਿਆਂ ਨੂੰ ਪੂਰੀ ਤਰਾਂ ਗਲਤ ਅਤੇ ਦੁਖਦਾਈ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪਿਤਰੋਦਾ ਨੂੰ ’84 ਦੇ ਦੰਗਿਆਂ ਬਾਰੇ ਇਸ ਟਿੱਪਣੀ ਲਈ ਸ਼ਰਮ ਆਉਣੀ ਚਾਹੀਦੀ ਹੈ ਅਤੇ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਸਕੱਤਰ ਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਹਾਜ਼ਰੀ ਵਿੱਚ ਰਾਹੁਲ ਨੇ ਕਿਹਾ ਕਿ ਉਨਾਂ ਨੇ ਖੁਦ ਪਿਤਰੋਦਾ ਨੂੰ ਇਸ ਬਾਰੇ ਮੁਆਫੀ ਮੰਗਣ ਲਈ ਆਖਿਆ ਹੈ ਕਿਉਂਕਿ ਇਸ ਵਿਵਾਦਪੂਰਨ ਟਿੱਪਣੀ ਦੇ ਸਬੰਧ ਵਿੱਚ ਭਾਰਤ ਦੇ ਲੋਕ ਅਜਿਹਾ ਚਾਹੁੰਦੇ ਹਨ ਅਤੇ ਇਹ ਮੰਗੀ ਵੀ ਜਾਣੀ ਚਾਹੀਦੀ ਹੈ।

ਫਤਹਿਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਅਤੇ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਦੇ ਸਮਰਥਨ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਇਨਾਂ ਦੰਗਿਆਂ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।

19 ਮਈ ਨੂੰ ਪੰਜਾਬ ਵਿੱਚ ਹੋ ਰਹੀਆਂ ਚੋਣਾਂ ਦੇ ਸਬੰਧ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਮੁਹਿੰਮ ਨੂੰ ਹੋਰ ਹੁਲਾਰਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਝੂਠੇ ਵਾਅਦਿਆਂ ਅਤੇ ਤਰਕਮਈ ਵਚਨਬੱਧਤਾ ਦੇ ਵਿਚਕਾਰ ਵਿਚਾਰਧਾਰਕ ਲੜਾਈ ਹੈ। ਮੋਦੀ ਅਤੇ ਭਾਜਪਾ ਨੇ ਭਾਰਤ ਦੇ ਲੋਕਾਂ ਨੂੰ ਝੂਠ ਬੋਲ-ਬੋਲ ਕੇ ਅਤੇ ਝੂਠੇ ਭੰਡੀ ਪ੍ਰਚਾਰ ਨਾਲ ਠੱਗਿਆ ਹੈ ਜਦਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਵਾਅਦਿਆਂ ਪ੍ਰਤੀ ਇਮਾਨਦਾਰ ਰਹੀ ਹੈ। ਰਾਹੁਲ ਗਾਂਧੀ ਨੇ ਇਸ ਦੌਰਾਨ ‘ਚੌਕੀਦਾਰ ਚੋਰ ਹੈ’ ਦਾ ਵੀ ਐਲਾਨ ਕੀਤਾ।

ਆਪਣੇ ਤਾਬੜਤੋੜ ਭਾਸ਼ਣ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਚੌਕੀਦਾਰ ਪੂਰੀ ਤਰਾਂ ਨੰਗਾ ਹੋ ਗਿਆ ਹੈ ਅਤੇ ਉਸ ਬਾਰੇ ਲੋਕ ਸੱਚਾਈ ਜਾਣਨ ਲੱਗ ਪਏ ਹਨ। ਉਨਾਂ ਕਿਹਾ ਕਿ ਉਹ ਨੋਟਬੰਦੀ ਅਤੇ ਜੀ.ਐਸ.ਟੀ ਨਾਲ ਲੋਕਾਂ ਵੱਲੋਂ ਕੀਤੀ ਗਈ ਮਿਹਨਤ ਦੀ ਕਮਾਈ ਨੂੰ ਚੋਰੀ ਕਰਨ ਤੋਂ ਬਚ ਕੇ ਭੱਜ ਨਹੀਂ ਸਕਦਾ। ਉਸ ਨੇ ਰਾਫੇਲ ਸੌਦੇ ਨਾਲ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ ਉਹ ਅਤੇ ਕਾਂਗਰਸ ਪਾਰਟੀ ਦੇ ਵਰਕਰ ਹੀ ਉਸ ਵਿਰੁੱਧ ਨਹੀਂ ਲੜ ਰਹੇ ਸਗੋਂ ਉਹ ਸਾਰੇ ਲੋਕ ਪ੍ਰਧਾਨ ਮੰਤਰੀ ਵਿਰੁੱਧ ਲੜ ਰਹੇ ਹਨ ਜਿਨਾਂ ਨੂੰ ਉਸ ਨੇ ਧੋਖਾ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਉਹ ਸਿਰਫ ਲੜ ਰਹੇ ਲੋਕਾਂ ਨਾਲ ਇਸ ਲੜਾਈ ਵਿਚ ਖੜੇ ਹਨ ਜਿਸ ਨੂੰ ਮੋਦੀ ਪਹਿਲਾਂ ਹੀ ਹਾਰ ਚੁੱਕਾ ਹੈ।

ਰਾਹੁਲ ਨੇ ਕਿਹਾ ਕਿ ਮੋਦੀ ਉਸ ਸਮੇਂ ਪੂਰੀ ਤਰਾਂ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਜਦੋਂ ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਸਨ ਜਿਸ ਕਰਕੇ ਲੋਕ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਅਤੇ ਵਜ਼ੀਫਿਆਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਜਦਕਿ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਇਸ ਵਿਰੁੱਧ ਬੋਲਣ ਵਾਲੇ ਕਿਸਾਨਾਂ ਨੂੰ ਸੀਖਾਂ ਪਿੱਛੇ ਡੱਕਿਆ ਜਾ ਰਿਹਾ ਹੈ ਅਤੇ ਲੋਕਾਂ ਦੇ ਮਿਹਨਤ ਦੇ ਪੈਸੇ ਦੀ ਲੁੱਟ ਕੀਤਾ ਜਾ ਰਹੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਅਤੇ ਜੀ.ਐਸ.ਟੀ ਦੇ ਨਾਲ ਆਮ ਲੋਕਾਂ ਨੂੰ ਲੁੱਟਿਆ ਹੈ ਅਤੇ ਲੋਕਾਂ ਦੀ ਮਿਹਨਤ ਦੀ ਕਮਾਈ ਦੀ ਰਕਮ ਅੰਬਾਨੀ, ਮਾਲਿਆ, ਚੌਕਸੀ ਅਤੇ ਨੀਰਵ ਮੋਦੀ ਵਰਗਿਆਂ ਨੂੰ ਲੁਟਾਈ ਹੈ। ਉਨਾਂ ਕਿਹਾ ਕਿ ਮੋਦੀ ਹੁਣ ਭਿ੍ਰਸ਼ਟਾਚਾਰ ਅਤੇ ਰਾਫੇਲ ਵਰਗੇ ਮੁੱਦਿਆਂ ’ਤੇ ਸਾਡੇ ਨਾਲ ਬਹਿਸ ਤੋਂ ਵੀ ਭੱਜ ਗਿਆ ਹੈ ਅਤੇ ਉਸ ਕੋਲ ਸਾਡੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਹੈ।

ਦੇਸ਼ ਅਤੇ ਇਸ ਦੀ ਆਰਥਿਕਤਾ ਨੂੰ ਤਬਾਹ ਕਰਨ ਦੇ ਵਾਸਤੇ ਮੋਦੀ ’ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਪ੍ਰਧਾਨ ਨੇ ਮੋਦੀ ਵੱਲੋਂ ਨਾ ਪੂਰੇ ਕੀਤੇ ਗਏ ਵਾਅਦਿਆਂ ਦੀ ਲਿਸਟ ਗਿਣਾਈ ਜਿਸ ਵਿਚ ਹਰ ਸਾਲ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਅਤੇ ਹਰੇਕ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣ ਦਾ ਵਾਅਦਾ ਵੀ ਸ਼ਾਮਲ ਸੀ। ਉਨਾਂ ਨੇ ਮੋਦੀ ਨੂੰ ਕੋਈ ਹੋਰ ਮੌਕਾ ਦੇਣ ਵਿਰੁੱਧ ਲੋਕਾਂ ਨੂੰ ਸਾਵਧਾਨ ਕੀਤਾ।

ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦੇ ਦੌਰਾਨ ਆਮ ਲੋਕ ਨੂੰ ਲਾਈਨਾਂ ਵਿਚ ਖੜੇ ਹੋਣਾ ਪਿਆ, ਨੌਜਵਾਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ, ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਜੀ.ਐਸ.ਟੀ ਦੇ ਨਤੀਜੇ ਵਜੋਂ ਆਪਣਾ ਕੰਮ ਬੰਦ ਕਰਨਾ ਪਿਆ ਜਦਕਿ ਮੋਦੀ ਦੇ ਇਨਾਂ ਪੰਜ ਸਾਲਾਂ ਦੌਰਾਨ ਹੀ 15 ਅਮੀਰ ਉਦਯੋਗਪਤੀਆਂ ਨੇ ਆਪਣੀਆਂ ਜੇਬਾਂ ਵਿਚ ਕਰੋੜਾਂ ਰੁਪਏ ਪਾ ਲਏ।

ਰੁਜ਼ਗਾਰ ਦੇ ਪੱਖ ਤੋਂ ਅਤਿ ਚਿੰਤਾਜਨਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਇਹ ਪਿਛਲੇ 45 ਸਾਲਾਂ ਦੀ ਸਭ ਤੋਂ ਗੰਭੀਰ ਸਥਿਤੀ ਹੈ ਅਤੇ ਕਾਂਗਰਸ ਪਾਰਟੀ ਆਪਣੀ ‘ਨਯਾਏ’ ਸਕੀਮ ਨਾਲ ਅਗਲੇ ਪੰਜ ਸਾਲਾਂ ਦੌਰਾਨ ਹਰ ਸਾਲ ਪੰਜ ਕਰੋੜ ਪਰਿਵਾਰਾਂ ਨੂੰ 72-72 ਹਜ਼ਾਰ ਰੁਪਏ ਯਕੀਨੀ ਬਣਾਵੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਯਕੀਨੀ ਬਣਾਇਆ ਜਾਵੇਗਾ ਅਤੇ ਦੁਕਾਨਦਾਰਾਂ ਲਈ ਆਪਣਾ ਕੰਮ ਕਰਨ ਨੂੰ ਵੀ ਸੁਖਾਲਾ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੀ ਖਰੀਦ ਸ਼ਕਤੀ ਵਧਾਈ ਜਾਵੇਗੀ। ‘ਨਯਾਏ’ ਉਨਾਂ ਲੋਕਾਂ ਨੂੰ ਰੁਜ਼ਗਾਰ ਦੇਵੇਗਾ ਜਿਨਾਂ ਨੂੰ ਨੋਟਬੰਦੀ ਦੇ ਕਾਰਨ ਨੌਕਰੀਆਂ ਤੋਂ ਵਾਂਝੇ ਕੀਤਾ ਗਿਆ।

ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਮੋਦੀ ਭਾਵੇਂ ਸਰਜੀਕਲ ਸਟ੍ਰਾਈਕ ਦੀ ਗੱਲ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਵੱਲੋਂ ਅਸਲ ਸਰਜੀਕਲ ਸਟ੍ਰਾਈਕ ਗਰੀਬੀ ’ਤੇ ਕਰਨ ਦੀ ਤਿਆਰ ਕੀਤੀ ਜਾ ਰਹੀ ਹੈ ਅਤੇ ਨਯਾਏ ਯੋਜਨਾ ਮੁਲਕ ਵਿੱਚੋਂ ਗਰੀਬੀ ਨੂੰ ਮੁਕੰਮਲ ਖਾਤਮਾ ਕਰ ਦੇਵੇਗੀ। ‘ਨਯਾਏ’ ਯੋਜਨਾ ਟਰੈਕਟਰ ਵਿੱਚ ਡੀਜ਼ਲ ਵਾਂਗ ਕੰਮ ਕਰੇਗੀ ਜੋ ਭਾਰਤ ਦੀ ਆਰਥਿਕਤਾ ਨੂੰ ਦੁਬਾਰਾ ਪੈਰਾਂ ਸਿਰ ਕਰਨ ਦੇ ਨਾਲ-ਨਾਲ ਮੁਲਕ ਨੂੰ ਮੁੜ ਆਲਮੀ ਆਰਥਿਕ ਸ਼ਕਤੀ ਬਣਨ ਦੇ ਰਾਹ ਤੋਰੇਗੀ ਜਿਵੇਂ ਕਿ ਸਰਦਾਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੇਲੇ ਹੋਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਹੋਵੇਗੀ।

ਆਦਿਵਾਸੀਆਂ ਅਤੇ ਦਲਿਤਾਂ ਨੂੰ ਨਯਾਏ ਦਾ ਵੱਧ ਤੋਂ ਵੱਧ ਲਾਭ ਦੇਣ ਦੇਣ ਦਾ ਵਾਅਦਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਭਾਰਤ ਦਾ ਹਰੇਕ ਨਾਗਰਿਕ ਸੁਪਨਿਆਂ ਲੈਣ ਲਈ ਆਜ਼ਾਦ ਹੋਵੇ ਅਤੇ ਗਰੀਬੀ ਤੋਂ ਮੁਕਤ ਹੋਵੇ।

ਕਾਂਗਰਸ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਦੀ ਵਚਨਬੱਧਤਾ ਜ਼ਾਹਰ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਸੱਤਾ ਸੰਭਾਲਣ ਤੋਂ ਦੋ ਦਿਨਾਂ ਦੇ ਅੰਦਰ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ। ਉਨਾਂ ਕਿਹਾ ਕਿ ਪਾਰਟੀ ਇੱਥੇ ਹੀ ਨਹੀਂ ਰੁਕੇਗੀ ਅਤੇ ਜੇਕਰ ਕੇਂਦਰ ਵਿੱਚ ਵੀ ਸਰਕਾਰ ਬਣੀ ਤਾਂ ਕਿਸਾਨਾਂ ਦੀਆਂ ਫਸਲਾਂ ਦੀ ਢੁਕਵੀਂ ਕੀਮਤ ਯਕੀਨੀ ਬਣਾਉਣ ਤੋਂ ਇਲਾਵਾ ਉਨਾਂ ਲਈ ਵੱਖਰਾ ਬਜਟ ਹੋਣ ਦਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ।

ਭਾਜਪਾ ਦੇ ਸ਼ਿਵਰਾਜ ਚੌਹਾਨ ਵੱਲੋਂ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਨੂੰ ਛਲਾਵਾ ਦੱਸਣ ਦੇ ਦੋਸ਼ਾਂ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਦੱਸਿਆ ਕਿ ਉਥੋਂ ਦੇ ਮੁੱਖ ਮੰਤਰੀ ਕਮਲ ਨਾਥ ਦੀ ਸਰਕਾਰ ਵਿੱਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕਰਜ਼ਾ ਮੁਆਫੀ ਦਾ ਲਾਭ ਮਿਲਿਆ। ਰਾਹੁਲ ਗਾਂਧੀ ਨੇ ਇਹ ਵੀ ਐਲਾਨ ਕੀਤਾ ਕਿ ਕਿਸੇ ਵੀ ਸੂਬੇ, ਧਰਮ ਜਾਂ ਜਾਤ ਨਾਲ ਸਬੰਧਤ ਕੋਈ ਵੀ ਕਿਸਾਨ ਕਰਜ਼ਾ ਨਾ ਮੋੜ ਸਕਣ ਦੀ ਸੂਰਤ ’ਚ ਜੇਲ ਨਹੀਂ ਜਾਵੇਗਾ।

ਮਨਰੇਗਾ ਦਾ ਮੌਜੂ ਉਡਾਉਣ ’ਤੇ ਮੋਦੀ ’ਤੇ ਚੋਟ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਮਨਰੇਗਾ ਤਹਿਤ 100 ਦਿਨ ਦੀ ਬਜਾਏ 150 ਦਿਨ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਨੇ ਕਾਂਗਰਸ ਦੇ ਸੱਤਾ ਵਿੱਚ ਆਉਣ ਦੇ ਇਕ ਸਾਲ ਦੇ ਅੰਦਰ 22 ਲੱਖ ਸਰਕਾਰੀ ਅਸਾਮੀਆਂ ਭਰਨ ਤੋਂ ਇਲਾਵਾ ਪੰਚਾਇਤਾਂ ਵਿੱਚ ਹੋਰ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਰੰਭ ਕੀਤੇ ਰੁਜ਼ਗਾਰ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਦਯੋਗ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਮੁੜ ਸੁਰਜੀਤ ਕਰਨ ਲਈ ਮੁਲਕ ਭਰ ਵਿੱਚ ਬਹੁਤ ਸਾਰੇ ਕਦਮ ਚੁੱਕੇ ਜਾਣਗੇ। ਉਨਾਂ ਕਿਹਾ ਕਿ ਸਟਾਰਟ ਅੱਪ ਦੀ ਸ਼ੁਰੂਆਤ ਦੇ ਪਹਿਲੇ ਤਿੰਨ ਸਾਲਾਂ ਵਿੱਚ ਕਿਸੇ ਸਰਕਾਰੀ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਮੁਲਕ ਨੂੰ ਮੁੜ ਵਿਕਾਸ ਤੇ ਤਰੱਕੀ ਦੀ ਲੀਹ ’ਤੇ ਲਿਆਵੇਗੀ।

ਹੁਸ਼ਿਆਰਪੁਰ ਦੀ ਰੈਲੀ ਵਿੱਚ ਵੱਡੀ ਗਿਣਤੀ ’ਚ ਮਹਿਲਾ ਪਾਰਟੀ ਵਰਕਾਰਾਂ ਦੀ ਸ਼ਮੂਲੀਅਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਰਾਹੁਲ ਗਾਂਧੀ ਨੇ ਕੌਮੀ ਪੱਧਰ ’ਤੇ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਵਿਧਾਨ ਸਭਾਵਾਂ, ਲੋਕ ਸਭਾ ਅਤੇ ਰਾਜ ਸਭਾ ਵਿੱਚ ਔਰਤਾਂ ਲਈ 35 ਫੀਸਦੀ ਰਾਖਾਵਾਂਕਰਨ ਦਾ ਵਾਅਦਾ ਕੀਤਾ।

ਮੁੱਖ ਮੰਤਰੀ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਉਨਾਂ ਦੀ ਸਰਕਾਰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਉਨਾਂ ਕਿਹਾ ਕਿ ਅਜੇ ਉਨਾਂ ਦੀ ਸਰਕਾਰ ਦੇ ਤਿੰਨ ਸਾਲ ਪਏ ਹਨ ਅਤੇ ਆਪਣਾ ਕਾਰਜਕਾਲ ਖਤਮ ਹੋਣ ਤੱਕ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਕਰਜ਼ਾ ਮੁਆਫ ਸਕੀਮ ਸ਼ੁਰੂ ਕਰਕੇ 10.25 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਵਿੱਚੋਂ ਬਹੁਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਨਾਂ ਦੀ ਸਰਕਾਰ ਦੀ ਸਭ ਤੋਂ ਪ੍ਰਮੁੱਖ ਤਰਜੀਹ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਅਤੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਸਹੂਲਤ ਦੇਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬਾ ਭਰ ਵਿੱਚ ਚਾਰ ਰੁਜ਼ਗਾਰ ਮੇਲੇ ਲਾਏ ਜਾ ਚੁੱਕੇ ਹਨ ਅਤੇ ਹੁਣ ਤੱਕ 8.25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵਿਦੇਸ਼ ਜਾਣ ਦੇ ਇਛੁੱਕ ਨੌਜਵਾਨਾਂ ਦੀ ਸਹੂਲਤ ਲਈ ਵੀ ਦਫ਼ਤਰ ਖੋਲੇ ਗਏ ਹਨ ਤਾਂ ਕਿ ਉਹ ਗੈਰ-ਕਾਨੂੰਨੀ ਏਜੰਟਾਂ ਦੇ ਹੱਥੀਂ ਨਾ ਚੜਨ। ਉਨਾਂ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਕੀਤੇ ਐਮ.ਓ.ਯੂ. ਵਿੱਚੋਂ 78 ਫੀਸਦੀ ਸਮਝੌਤੇ ਜ਼ਮੀਨੀ ਪੱਧਰ ’ਤੇ ਅਮਲ ਵਿੱਚ ਆਉਣੇ ਸ਼ੁਰੂ ਹੋ ਗਏ ਹਨ ਅਤੇ ਸਨਅਤ ਦੀ ਪੁਨਰ ਸਥਾਪਤੀ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਦੇਹਾਤੀ ਖੇਤਰ ਦੇ 1.30 ਲੱਖ ਬੇਘਰ ਪਰਿਵਾਰਾਂ ਲਈ 5-5 ਮਰਲੇ ਦੇ ਪਲਾਟ ਦਾ ਵਾਅਦਾ ਛੇਤੀ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਜਦਕਿ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਨੌਜਵਾਨਾਂ ਨੂੰ ਮੋਬਾਈਲ ਵੰਡਣ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੇ ਦੋ ਸਾਲਾਂ ਵਿੱਚ ਸਾਰੇ ਵਾਅਦੇ ਪੂਰੇ ਕਰਨੇ ਸੰਭਵ ਨਹੀਂ ਹਨ ਪਰ ਇਕ-ਇਕ ਵਾਅਦਾ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਉਹ ਨਿੱਜੀ ਤੌਰ ’ਤੇ ਵਚਨਬੱਧ ਹਨ ਅਤੇ ਉਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਅਜਿਹਾ ਹੀ ਕੀਤਾ ਸੀ।

ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ‘ਵਨ ਰੈਂਕ, ਵਨ ਪੈਨਸ਼ਨ’ ਸਕੀਮ ਛੇਤੀ ਲਾਗੂ ਕਰਨ ਦਾ ਵਾਅਦਾ ਕੀਤਾ ਤਾਂ ਕਿ ਸਾਬਕਾ ਸੈਨਿਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾ ਸਕੇ। ਉਨਾਂ ਕਿਹਾ ਕਿ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਸਾਡੀ ਫੌਜ ਕਰਦੀ ਹੈ ਮੋਦੀ ਨਹੀਂ ਜੋ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦਾ ਰਖਵਾਲਾ ਹੋਣ ਦਾ ਢਿੰਡੋਰਾ ਪਿੱਟਦਾ ਹੈ।

ਭਾਰਤ ਦੇ ਧਰਮ ਨਿਰਪੱਖ ਵਿਲੱਖਣਤਾ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਮੁਲਕ ਦੀ ਏਕਤਾ ਨੂੰ ਖੇਰੰੂ-ਖੇਰੰੂ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਮੋਦੀ ਦੀ ਸਖਤ ਆਲੋਚਨਾ ਕੀਤੀ। ਉਨਾਂ ਕਿਹਾ ਕਿ ਇਹ ਚੋਣਾਂ ਪਿਆਰ ਤੇ ਨਫ਼ਰਤ ਅਤੇ ਏਕਤਾ ਅਤੇ ਫੁੱਟ ਪਾੳੂ ਸ਼ਕਤੀਆਂ ਦਰਮਿਆਨ ਹਨ।

Facebook Comment
Project by : XtremeStudioz