Close
Menu

ਵਿਧਾਇਕ ਨਿਰਾਸ਼ ਜ਼ਰੂਰ ਪਰ ਪਾਰਟੀ ਇੱਕਜੁਟ: ਜਾਖੜ

-- 24 May,2018

ਪਠਾਨਕੋਟ, 24 ਮਈ
ਪੰਜਾਬ ਦੇ ਤਿੰਨ ਨਾਰਾਜ਼ ਕਾਂਗਰਸੀ ਵਿਧਾਇਕਾਂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ’ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਸਾਰਿਆਂ ਨੂੰ ਆਪਣੇ ਆਗੂ ਨੂੰ ਮਿਲਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਧਾਇਕ ਨਿਰਾਸ਼ ਜ਼ਰੂਰ ਹਨ ਪਰ ਪਾਰਟੀ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਕਹਿਣਗੇ, ਉਹ ਮਨਜ਼ੂਰ ਹੋਵੇਗਾ। ਬਿਆਸ ਦਰਿਆ ਵਿੱਚ ਮੱਛੀਆਂ ਮਰਨ ਦੇ ਸਵਾਲ ’ਤੇ ਸ੍ਰੀ ਜਾਖੜ ਨੇ ਇਸ ਦਾ ਠੀਕਰਾ ਪਿਛਲੀ ਅਕਾਲੀ-ਭਾਜਪਾ ਸਰਕਾਰ ਸਿਰ ਭੰਨਿਆ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਰਾਹੀਂ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ, ਜੋ ਨਿਰਾ ਜ਼ਹਿਰ ਹੈ ਅਤੇ ਉਹੀ ਪਾਣੀ ਅਸੀਂ ਪੀ ਰਹੇ ਹਾਂ। ਉਨ੍ਹਾਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਦੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੰਤਰੀ ਜੈਰਾਮ ਰਮੇਸ਼ ਨੇ 2 ਹਜ਼ਾਰ ਕਰੋੜ ਰੁਪਏ ਪ੍ਰਦੂਸ਼ਣ ਸੁਧਾਰ ਕਾਰਜਾਂ ਲਈ ਦਿੱਤੇ ਸਨ ਪਰ ਅਫਸੋਸ ਕਥਿਤ ਸਾਰਾ ਪੈਸਾ ਖੁਰਦ-ਬੁਰਦ ਕਰ ਦਿੱਤਾ ਗਿਆ। ਨਾ ਕੋਈ ਟਰੀਟਮੈਂਟ ਪਲਾਂਟ ਲਾਇਆ ਅਤੇ ਨਾ ਹੀ ਪ੍ਰਦੂਸ਼ਣ ਰੋਕਣ ਲਈ ਕੁਝ ਕੀਤਾ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਬਾਰੇ ਵੀ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਤੋਂ ਬਚਣ ਲਈ ਨਿਆਂਪਾਲਿਕਾ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਲਈ ਹੁਣ ਹਾਈ ਕੋਰਟ ਰਾਹੀਂ ਜਿਹੜੇ ਵੀ ਮਗਰਮੱਛ ਫੜੇ ਜਾਣਗੇ, ਤਾਂ ਉਹ ਠੀਕ ਹੋਵੇਗਾ।
ਸੁਖਬੀਰ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਨਾਲੀ ਦੌਰੇ ਸਬੰਧੀ ਕੀਤੀਆਂ ਟਿੱਪਣੀਆਂ ਬਾਰੇ ਸ੍ਰੀ ਜਾਖੜ ਨੇ ਕਿਹਾ ਕਿ ਉਹ ਭਾਵੇਂ ਜਿਥੇ ਮਰਜ਼ੀ ਜਾਣ ਪਰ ਸ਼ਾਹਕੋਟ ਦੇ ਲੋਕ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣਗੇ।     ਇਸ ਤੋਂ ਪਹਿਲਾਂ ਉਨ੍ਹਾਂ ਪਠਾਨਕੋਟ ਵਿੱਚ ਮੁੱਖ ਡਾਕਘਰ ਵਿੱਚ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਹੁਣ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਲੋਕ ਇਥੋਂ ਪਾਸਪੋਰਟ ਬਣਵਾ ਸਕਣਗੇ। ਉਨ੍ਹਾਂ ਪਠਾਨਕੋਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਦਾ ਭਰੋਸਾ ਵੀ ਦਿੱਤਾ। ਕੇਂਦਰ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਦੇ ਵਾਧੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਇਸ ਦੇ ਖ਼ਿਲਾਫ਼ 25 ਮਈ ਨੂੰ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕਰੇਗੀ।
ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਪਾਸਪੋਰਟ ਕੇਂਦਰ ਕੰਮ ਸ਼ੁਰੂ ਹੋ ਗਿਆ ਹੈ ਪਰ ਸ਼ੁਰੂਆਤੀ ਦੌਰ ’ਚ ਰੋਜ਼ਾਨਾ 50 ਜਣਿਆਂ ਨੂੰ ਸਮਾਂ ਮਿਲਿਆ ਕਰੇਗਾ।

Facebook Comment
Project by : XtremeStudioz