Close
Menu

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੁਨੀਆ ਦਾ 16ਵਾਂ ਰੁੱਝਿਆ ਅੱਡਾ

-- 24 September,2018

ਨਵੀਂ ਦਿੱਲੀ, ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਦੁਨੀਆਂ ਦੇ ਸਭ ਤੋਂ ਰੁਝੇਵਿਆਂ ਵਾਲੇ ਹਵਾਈ ਅੱਡਿਆਂ ’ਚ 16ਵਾਂ ਦਰਜਾ ਹਾਸਲ ਹੋਇਆ ਹੈ। ਏਅਰਪੋਰਟਸ ਕੌਂਸਲ ਇੰਟਰਨੈਸ਼ਨਲ (ਏਸੀਆਈ) ਮੁਤਾਬਕ 2017 ਦੌਰਾਨ 6.34 ਕਰੋੜ ਮੁਸਾਫਰ ਦਿੱਲੀ ਦੇ ਇਸ ਹਵਾਈ ਅੱਡੇ ’ਤੇ ਆਏ ਸਨ। ਰਿਪੋਰਟ ਮੁਤਾਬਕ ਪਿਛਲੇ ਸਾਲ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 14 ਫ਼ੀਸਦੀ ਵਧ ਮੁਸਾਫ਼ਰ ਪਹੁੰਚੇ ਸਨ ਅਤੇ 2016 ਦੀ 22ਵੀਂ ਪੁਜ਼ੀਸ਼ਨ ਤੋਂ ਛੇ ਸਥਾਨਾਂ ਦੀ ਛਾਲ ਮਾਰ ਕੇ ਉਹ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਘਰੇਲੂ ਏਵੀਏਸ਼ਨ ਬਾਜ਼ਾਰਾਂ ’ਚੋਂ ਇਕ ਹੈ। ਵਰਲਡ ਏਅਰਪੋਰਟ ਟਰੈਫਿਕ ਰਿਪੋਰਟ ਮੁਤਾਬਕ ਅਮਰੀਕਾ ਦਾ ਅਟਲਾਂਟਾ ਹਾਰਟਸਫੀਲਡ-ਜੈਕਸਨ 10.39 ਕਰੋੜ ਮੁਸਾਫਰਾਂ ਨਾਲ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਦੂਜੇ ਨੰਬਰ ’ਤੇ 9.58 ਕਰੋੜ ਮੁਸਾਫਰਾਂ ਨਾਲ ਪੇਈਚਿੰਗ ਰਿਹਾ ਹੈ। ਦੁਬਈ ਇੰਟਰਨੈਸ਼ਨਲ ਹਵਾਈ ਅੱਡਾ 8.82 ਕਰੋੜ ਮੁਸਾਫਰਾਂ ਨਾਲ ਤੀਜੇ ਸਥਾਨ ’ਤੇ ਰਿਹਾ। ਟੋਕੀਓ ਅਤੇ ਲਾਸ ਏਂਜਲਸ ਕ੍ਰਮਵਾਰ 8.54 ਕਰੋੜ ਅਤੇ 8.45 ਕਰੋੜ ਮੁਸਾਫਰਾਂ ਨਾਲ ਚੌਥੇ ਤੇ ਪੰਜਵੇਂ ਸਥਾਨ ਉਪਰ ਆਏ। ਏਸੀਆਈ ਦੇ ਵਰਲਡ ਡਾਇਰੈਕਟਰ ਜਨਰਲ ਐਂਜਿਲਾ ਗਿਟੇਨਸ ਨੇ ਕਿਹਾ ਕਿ ਮੁਸਾਫਰਾਂ ਲਈ ਸੁਧਾਰ ਦੇ ਬਾਵਜੂਦ ਹਵਾਈ ਅੱਡਿਆਂ ਨੂੰ ਹਵਾਈ ਸੇਵਾਵਾਂ ਦਾ ਮਿਆਰ ਬਹਾਲ ਰੱਖਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਅਗਾਂਹਵਧੂ ਅਰਥਚਾਰਿਆਂ ’ਚ ਮੁਸਾਫਰਾਂ ਦੀ ਆਵਾਜਾਈ ’ਚ 5.2 ਫ਼ੀਸਦੀ ਦਾ ਵਾਧਾ ਹੋਇਆ ਸੀ ਜਦਕਿ ਉਭਰਦੇ ਅਰਥਚਾਰਿਆਂ ’ਚ ਇਹ ਗਿਣਤੀ 10.3 ਫ਼ੀਸਦੀ ਰਹੀ। ਏਸੀਆਈ ਮੁਤਾਬਕ ਆਉਂਦੇ ਦਹਾਕੇ ’ਚ ਉਭਰਦੇ ਬਾਜ਼ਾਰ ਪੱਛਮੀ ਯੂਰੋਪ ਅਤੇ ਉੱਤਰੀ ਅਮਰੀਕਾ ਵਰਗੇ ਹਵਾਈ ਅੱਡਿਆਂ ਦੇ ਮੁਕਾਬਲੇ ਦਾ ਹੋ ਜਾਣਗੇ। 

Facebook Comment
Project by : XtremeStudioz