ਭੋਪਾਲ, 21 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਭਾਜਪਾ ਨੇ ‘ਕਾਂਗਰਸ ਮੁਕਾਬਲੇ ਬਿਹਤਰ’ ਢੰਗ ਨਾਲ ਸਰਕਾਰ ਚਲਾਈ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਸੰਪੂਰਨ ਹੋਣ ਦਾ ਦਾਅਵਾ ਨਹੀਂ ਕਰ ਸਕਦੀ ਤੇ ਉਹ ਵੀ ਭਾਜਪਾ ਲਈ ਅਜਿਹਾ ਦਾਅਵਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਕਾਂਗਰਸ ਵੱਲੋਂ ਅਪਣਾਏ ਸਿਆਸੀ ਹੱਥਕੰਡਿਆਂ ਨੇ ਮੁਲਕ ਦੀ ਰਾਜਨੀਤੀ ਲਈ ‘ਭਰੋਸੇਯੋਗਤਾ ਸੰਕਟ’ ਖੜ੍ਹਾ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦਾ ਦੌਰਾ ਕਰ ਰਹੇ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ‘ਅੱਛੇ ਦਿਨ’ ਹੰਢਾ ਰਿਹਾ ਹੈ ਤੇ ਕੋਈ ਇਸ ਨੂੰ ਕਿਵੇਂ ਲੈਂਦਾ ਹੈ, ਸਭ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਰਾਫ਼ਾਲ ਸੌਦੇ ਸਬੰਧੀ ਪੁੱਛੇ ਸਵਾਲਾਂ ’ਤੇ ਕੇਂਦਰ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸੌਦੇ ਦਾ ਭਾਈਵਾਲੀ ਕੰਟਰੈਕਟ ਕੇਵਲ ਇਕ ਕੰਪਨੀ ਲਈ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫ਼ਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਅਰਥਚਾਰਾ ਇਸ ਵੇਲੇ ਆਲਮੀ ਪੱਧਰ ’ਤੇ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।