ਪੋਰਟ ਬਲੇਅਰ, 5 ਦਸੰਬਰ
ਕੌਮੀ ਅਨੁਸੂਚਿਤ ਕਬੀਲਿਆਂ ਬਾਰੇ ਕਮਿਸ਼ਨ (ਐਨਸੀਐਸਟੀ) ਨੇ ਕਿਹਾ ਹੈ ਕਿ ਅੰਡੇਮਾਨ ਨਿਕੋਬਾਰ ਟਾਪੂ ’ਚ ਸੇਂਟੀਨਲ ਆਦਿਵਾਸੀਆਂ ਵੱਲੋਂ ਮਾਰਿਆ ਗਿਆ ਅਮਰੀਕੀ ਨਾਗਰਿਕ ਜੌਹਨ ਐਲੇਨ ਚਾਊ ਯੋਜਨਾਬੱਧ ਮੁਹਿੰਮ ’ਤੇ ਆਇਆ ਸੀ। ਕਮਿਸ਼ਨ ਦੇ ਮੁਖੀ ਨੰਦ ਕੁਮਾਰ ਸਾਈ ਨੇ ਕਿਹਾ ਕਿ ਟਾਪੂ ’ਤੇ ਸੇਂਟੀਨਲ ਜਿਹੇ ਕਈ ਕਬੀਲੇ ਹਨ ਜਿਨ੍ਹਾਂ ਨਾਲ ਮਿਲਣ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਜੌਹਨ ਯੋਜਨਾਬੱਧ ਮੁਹਿੰਮ ’ਤੇ ਆਇਆ ਸੀ। ਪਹਿਲੀ ਰਿਪੋਰਟ ’ਚ ਸੰਕੇਤ ਦਿੱਤੇ ਗਏ ਸਨ ਕਿ ਉਹ ਈਸਾਈ ਧਰਮ ਦੇ ਪ੍ਰਚਾਰ ਲਈ ਪਾਬੰਦੀ ਵਾਲੇ ਇਲਾਕੇ ’ਚ ਦਾਖ਼ਲ ਹੋ ਗਿਆ ਹੋਵੇਗਾ।