Close
Menu

ਵਿਸ਼ਵ ਟੂਰ ਫਾਈਨਲਜ਼: ਸਿੰਧੂ ਨੇ ਤਾਈ ਜ਼ੂ ਯਿੰਗ ਨੂੰ ਹਰਾਇਆ

-- 13 December,2018

ਗੁਆਂਗਝੂ, 13 ਦਸੰਬਰ
ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੁਨੀਆਂ ਦੀ ਨੰਬਰ ਇਕ ਖਿਡਾਰੀ ਤਾਈ ਜ਼ੂ ਯਿੰਗ ਨੂੰ ਹਰਾਇਆ ਜਦੋਂਕਿ ਸਮੀਰ ਵਰਮਾ ਨੇ ਵੀ ਵਿਸ਼ਵ ਟੂਰ ਫਾਈਨਲਜ਼ ’ਚ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਟੋਮੀ ਸੁਗਿਆਰਤੋ ਨੂੰ ਮਾਤ ਦਿੱਤੀ।
ਚੀਨੀ ਤਾਇਪੈ ਦੀ ਖਿਡਾਰਨ ਖ਼ਿਲਾਫ਼ 13 ਮੁਕਾਬਲਿਆਂ ਵਿੱਚ ਲਗਾਤਾਰ ਛੇ ਹਾਰਾਂ ਝੱਲਣ ਵਾਲੀ ਸਿੰਧੂ ਨੇ ਆਖ਼ਰਕਾਰ ਗਰੁੱਪ ‘ਏ’ ਦੇ ਮੁਕਾਬਲੇ ਵਿੱਚ ਇਕ ਘੰਟੇ ਤੋਂ ਕੁਝ ਜ਼ਿਆਦਾ ਸਮੇਂ ’ਚ 14-21, 21-16, 21-18 ਦੀ ਜਿੱਤ ਨਾਲ ਹਾਰ ਦੇ ਕ੍ਰਮ ਨੂੰ ਤੋੜਿਆ। ਟੂਰਨਾਮੈਂਟ ਦੀ ਪਿਛਲੀ ਉਪ ਜੇਤੂ ਸਿੰਧੂ ਨੇ ਇਕ ਗੇਮ ਤੋਂ ਪਛੜਨ ਬਾਅਦ ਜ਼ੋਰਦਾਰ ਵਾਪਸੀ ਕੀਤੀ। ਉਹ ਤੀਜੇ ਅਤੇ ਫ਼ੈਸਲਾਕੁਨ ਗੇਮ ’ਚ ਵੀ ਇਕ ਸਮੇਂ 6-11 ਨਾਲ ਪਿੱਛੇ ਸੀਪਰ ਵਾਪਸੀ ਕਰਦੇ ਹਏ ਰੀਓ ਓਲੰਪਿਕ 2016 ਤੋਂ ਬਾਅਦ ਤਾਈ ਜ਼ੂ ਖ਼ਿਲਾਫ਼ ਪਹਿਲੀ ਜਿੱਤ ਦਰਜ ਕਰਨ ’ਚ ਅਸਫ਼ਲ ਰਹੀ।
ਸ਼ੁਰੂਆਤੀ ਗੇਮ 16 ਮਿੰਟ ਚੱਲੀ ਜਿਸ ’ਚ ਸਿੰਧੂ ਦਮਦਾਰ ਸ਼ਾਟ ਲਗਾਉਣ ’ਚ ਨਾਕਾਮ ਰਹੀ। ਉਹ ਇਸ ਗੇਮ ’ਚ ਸਿਰਫ ਆਪਣੀ ਵਿਰੋਧੀ ਦੀਆਂ ਗਲਤੀਆਂ ਦਾ ਹੀ ਲਾਭ ਲੈ ਸਕੀ। ਦੂਜੇ ਪਾਸੇ ਤਾਈ ਜ਼ੂ ਨੇ ਪ੍ਰਭਾਵੀ ਪ੍ਰਦਰਸ਼ਨ ਕੀਤਾ ਅਤੇ ਦਬਦਬਾ ਬਣਾਉਣ ’ਚ ਸਫ਼ਲ ਰਹੀ।
ਸਿੰਧੂ ਸ਼ੁਰੂਆਤ ’ਚ ਹੀ 2-6 ਤੋਂ ਪਛੜ ਗਈ। ਤਾਈ ਜ਼ੂ ਨੇ ਸਿੰਧੂ ਦੇ ਸ਼ਾਟ ਬਾਹਰ ਮਾਰਨ ’ਤੇ 8-4 ਦੀ ਬੜ੍ਹਤ ਬਣਾਈ। ਤਾਈ ਜ਼ੂ ਹਾਲਾਂਕਿ ਬਰੇਕ ਤੱਕ 11-7 ਦੀ ਬੜ੍ਹਤ ਬਣਾਉਣ ’ਚ ਸਫ਼ਲ ਰਹੀ। ਉਸ ਨੇ ਬਰੇਕ ਤੋਂ ਬਾਅਦ ਦੋ ਕਰਾਸ ਕੋਰਟ ਰਿਟਰਨ ਦੇ ਨਾਲ ਅੰਕ ਜੋੜਦੇ ਹੋਏ ਸਕੋਰ 15-8 ਕੀਤਾ। ਸਿੰਧੂ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਅੰਕ ਜੋੜੇ ਪਰ ਚੀਨੀ ਤਾਇਪੈ ਦੀ ਖਿਡਾਰਨ ਨੇ ਸਮੈਸ਼ਨ ਦੇ ਨਾਲ ਸਿੰਧੂ ਨੂੰ ਅੱਗੇ ਵਧਣ ਤੋਂ ਰੋਕਿਆ।
ਤਾਈ ਜ਼ੂ ਨੇ ਨੈੱਟ ’ਤੇ ਸ਼ਾਟ ਟਕਰਾਉਣ ਤੋਂ ਬਾਅਦ ਅੰਕ ਜੋੜ ਕੇ ਸਕੋਰ 18-12 ਕੀਤਾ। ਸਿੰਧੂ ਨੇ ਨੈੱਟ ’ਤੇ ਸ਼ਾਟ ਮਾਰ ਕੇ ਤਾਈ ਜ਼ੂ ਨੂੰ ਛੇ ਗੇਮ ਪੁਆਇੰਟ ਦਿੱਤੇ ਅਤੇ ਫਿਰ ਭਾਰਤੀ ਖਿਡਾਰਨ ਦੇ ਬਾਹਰ ਸ਼ਾਟ ਮਾਰਨ ’ਤੇ ਚੀਨੀ ਤਾਇਪੈ ਦੀ ਖਿਡਾਰਨ ਨੇ ਪਹਿਲਾ ਗੇਮ ਜਿੱਤਿਆ। ਦੂਜੇ ਗੇਮ ’ਚ ਤਾਈ ਜ਼ੂ ਨੇ ਸ਼ੁਰੂਆਤ ’ਚ ਕਾਫੀ ਗਲਤੀਆਂ ਕੀਤੀ ਜਿਸ ਤੋਂ ਸਿੰਧੂ ਨੇ 6-3 ਦੀ ਬੜ੍ਹਤ ਬਣਾਈ ਜਿਸ ਮਗਰੋਂ ਭਾਰਤੀ ਖਿਡਾਰਨ ਬਰੇਕ ਤੱਕ 11-6 ਨਾਲ ਅੱਗੇ ਸੀ। ਤਾਈ ਜ਼ੂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ 17-12 ਦੇ ਸਕੋਰ ’ਤੇ ਪੰਜ ਅੰਕਾਂ ਦੀ ਬੜ੍ਹਤ ਬਣਾਈ ਰੱਖੀ। ਚੀਨੀ ਤਾਇਪੈ ਦੀ ਖਿਡਾਰਨ ਨੇ ਇਸ ਤੋਂ ਬਾਅਦ ਬਾਹਰ ਸ਼ਾਟ ਮਾਰਿਆ ਅਤੇ ਫਿਰ ਸ਼ਾਟ ਨੈੱਟ ’ਤੇ ਉਲਝਾਇਆ, ਜਿਸ ਨਾਲ ਸਿੰਧੂ 19-13 ਨਾਲ ਅੱਗੇ ਹੋ ਗਈ। ਤਾਈ ਜ਼ੂ ਨੇ ਇਕ ਅੰਕ ਜੋੜਿਆ ਪਰ ਇਸ ਤੋਂ ਬਾਅਦ ਉਸ ਨੇ ਬਾਹਰ ਸ਼ਾਟ ਮਾਰ ਕੇ ਸਿੰਧੂ ਨੂੰ ਛੇ ਬਰੇਕ ਪੁਆਇੰਟ ਦਿੱਤੇ। ਚੀਨੀ ਤਾਇਪੈ ਦੀ ਖਿਡਾਰਨ ਨੇ ਦੋ ਬਰੇਕ ਪੁਆਇੰਟ ਬਚਾਏ ਪਰ ਇਸ ਤੋਂ ਬਾਅਦ ਸਰਵਿਸ ਬਾਹਰ ਮਾਰ ਕੇ ਦੂਜਾ ਗੇਮ ਸਿੰਧੂ ਦੀ ਝੋਲੀ ’ਚ ਪਾ ਦਿੱਤਾ।
ਫੈਸਲਾਕੁਨ ਗੇਮ ’ਚ ਤਾਈ ਜ਼ੂ ਨੇ ਚੰਗੀ ਸ਼ੁਰੂਆਤ ਕਰਦੇ ਹੋਏ 3-0 ਦੀ ਬੜ੍ਹਤ ਬਣਾਈ ਜਿਸ ਤੋਂ ਬਾਅਦ ਉਸ ਨੇ ਸਕੋਰ 8-5 ਤੱਕ ਪਹੁੰਚਾਇਆ। ਬਰੇਕ ਦੇ ਸਮੇਂ ਚੀਨੀ ਤਾਇਪੈ ਦੀ ਖਿਡਾਰਨ 11-6 ਤੋਂ ਅੱਗੇ ਸੀ। ਸਿੰਧੂ ਹਾਲਾਂਕਿ ਬਰੇਕ ਤੋਂ ਬਾਅਦ ਵਾਪਸੀ ਕਰਨ ’ਚ ਸਫ਼ਲ ਰਹੀ ਅਤੇ ਉਸ ਨੇ ਸਕੋਰ 11-12 ਕਰ ਦਿੱਤਾ। ਤਾਈ ਜ਼ੂ ਨੇ ਇਸ ਤੋਂ ਬਾਅਦ ਸਿੰਧੂ ਦੇ ਸਰੀਰ ’ਤੇ ਦਮਦਾਰ ਸਮੈਸ਼ ਨਾਲ ਅੰਕ ਜੋੜਿਆ ਪਰ ਉਸ ਦੀਆਂ ਤਿੰਨ ਗਲਤੀਆਂ ਨੇ ਸਿੰਧੂ ਨੂੰ 16-13 ਨਾਲ ਅੱਗੇ ਕਰ ਦਿੱਤਾ। ਸਿੰਧੂ ਨੇ ਤਾਈ ਜ਼ੂ ਦੇ ਸਰੀਰ ’ਤੇ ਸ਼ਾਟ ਖੇਡਣ ਤੋਂ ਬਾਅਦ ਨੈੱਟ ’ਤੇ ਅੰਕ ਲੈ ਕੇ ਚਾਰ ਮੈਚ ਪੁਆਇੰਟ ਹਾਸਲ ਕੀਤੇ। ਤਾਈ ਜ਼ੂ ਨੇ ਲਾਈਨ ’ਤੇ ਬੇਹੱਦ ਕਰੀਬੀ ਫਰਕ ਨਾਲ ਅੰਕ ਬਣਾਇਆ ਜਦੋਂ ਕਿ ਸਿੰਧੂ ਨੇ ਬਾਹਰ ਸਮੈਸ਼ ਮਾਰ ਕੇ ਇਕ ਹੋਰ ਅੰਕ ਗੁਆਇਆ। ਤਾਈ ਜ਼ੂ ਹਾਲਾਂਕਿ ਇਸ ਤੋਂ ਬਾਅਦ ਲੰਬੀ ਰੈਲੀ ਨੂੰ ਬਾਹਰ ਮਾਰ ਕੇ ਗੇਮ ਅਤੇ ਮੈਚ ਸਿੰਧੂ ਦੀ ਝੋਲੀ ਵਿੱਚ ਪਾ ਬੈਠੀ।
ਇਸ ਤੋਂ ਪਹਿਲਾਂ ਪੁਰਸ਼ਾਂ ਦੇ ਸਿੰਗਲਜ਼ ’ਚ ਭਾਰਤ ਦੇ ਸਮੀਰ ਵਰਮਾ ਨੇ ਦਬਦਬੇ ਵਾਲਾ ਪ੍ਰਦਰਸ਼ਨ ਕਰ ਕੇ ਅੱਜ ਇੱਥੇ ਇੰਡੋਨੇਸ਼ੀਆ ਦੇ ਟੋਮੀ ਸੁਗਿਆਰਤੋ ਨੂੰ ਸਿੱਧੇ ਗੇਮ ’ਚ ਹਰਾ ਕੇ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਨਾਕਆਊਟ ’ਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਆਸਾਂ ਨੂੰ ਜਿਊਂਦਾ ਰੱਖਿਆ।

Facebook Comment
Project by : XtremeStudioz