ਟੋਰਾਂਟੋ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ ਸਾਬਕਾ ਨੰਬਰ ਵਨ ਖਿਡਾਰਨ ਅਮਰੀਕਾ ਦੀ ਵੀਨਸ ਵਿਲੀਅਮਸ ਟੋਰਾਂਟੋ ਡਬਲਯੂ.ਟੀ.ਏ ਟੂਰਨਾਮੈਂਟ ਰਾਹੀਂ ਕੋਰਟ ‘ਚ ਵਾਪਸੀ ਕਰਨ ਨੂੰ ਤਿਆਰ ਹੈ। ਪਿੱਠ ਦੀ ਸਮੱਸਿਆ ਕਾਰਨ ਵਿੰਬਲਡਨ ਤੋਂ ਦੂਰ ਰਹੀ ਵੀਨਸ ਦਾ ਇਸ ਸਾਲ ਫ੍ਰੈਂਚ ਓਪਨ ‘ਚ ਬਹੁਤ ਖਰਾਬ ਪ੍ਰਦਰਸ਼ਨ ਰਿਹਾ ਸੀ ਅਤੇ ਉਸ ਨੂੰ 12 ਸਾਲਾਂ ‘ਚ ਪਹਿਲੀ ਵਾਰ ਕਿਸੇ ਗ੍ਰੈਂਡ ਸੈਲਮ ਦੇ ਪਹਿਲੇ ਹੀ ਦੌਰ ‘ਚ ਹਾਰ ਕੇ ਬਾਹਰ ਹੋਣਾ ਪਿਆ ਸੀ। ਵੀਨਸ ਨੇ ਕਿਹਾ ਕਿ ਮੈਂ ਮਾਂਟ੍ਰੀਅਲ ‘ਚ ਮਜ਼ਬੂਤ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ। ਇਸ ਦੇ ਨਾਲ ਹੀ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ ਓਪਨ ਲਈ ਵੀ ਸਖਤ ਮਿਹਨਤ ਕਰ ਰਹੀ ਹਾਂ। ਵੀਨਸ ਨੇ ਸੋਮਵਾਰ ਨੂੰ ਆਪਣੀ ਛੋਟੀ ਭੈਣ ਅਤੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਸੇਰੇਨਾ ਵਿਲੀਅਮਸ ਦੇ ਨਾਲ ਅਭਿਆਸ ਵੀ ਕੀਤਾ।