ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਵੀ ਫਿਲਮ ਇੰਡਸਟਰੀ ‘ਚ ਕਮਬੈੱਕ ਕਰਨ ਜਾ ਰਹੀ ਹੈ। ਸਾਲ 1996 ਵਿਚ ਆਈ ਫਿਲਮ ਦਸਤਕ ਤੋਂ ਬਤੌਰ ਅਭਿਨੇਤਰੀ ਬਾਲੀਵੁੱਡ ‘ਚ ਦਸਤਕ ਦੇਣ ਵਾਲੀ ਸੁਸ਼ਮਿਤਾ ਸੇਨ ਨੇ ਜੋਰ, ਸਿਰਫ ਤੁਮ, ਬੀਬੀ ਨੰਬਰ ਵਨ, ਕਿਉਕਿ ਮੈਂ ਝੂਠ ਨਹੀਂ ਬੋਲਤਾ ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ। ਸੁਸ਼ਮਿਤਾ ਸੇਨ ਨੇ ਆਖਰੀ ਵਾਰ ਸਾਲ 2010 ਵਿਚ ਆਈ ਫਿਲਮ ਨੌ ਪ੍ਰੋਬਲਮ ਵਿਚ ਅਭਿਨੈ ਕੀਤਾ ਸੀ। ਸੁਸ਼ਮਿਤਾ ਸੇਨ ਹੁਣ ਤਿੰਨ ਸਾਲ ਬਾਅਦ ਬਾਲੀਵੁੱਡ ਵਿਚ ਫਿਰ ਤੋਂ ਵਾਪਸੀ ਕਰ ਰਹੀ ਹੈ। ਸੁਸ਼ਮਿਤਾ ਨੇ ਕਿਹਾ ਕਿ ਮੈਂ ਜ਼ਰੂਰ ਫਿਲਮਾਂ ‘ਚ ਕੰਮ ਕਰਾਂਗੀ। ਮੈਂ ਫਿਲਮ ਨਿਰਮਾਤਾਵਾਂ ਦੇ ਅਧਿਕਾਰਿਕ ਤੌਰ ‘ਤੇ ਇਸ ਦਾ ਐਲਾਨ ਕਰਨ ਦੀ ਉਡੀਕ ਕਰ ਰਹੀ ਹਾਂ। ਸੁਸ਼ਮਿਤਾ ਨੇ ਕਿਹਾ ਕਿ ਅਲੀਸ਼ਾ ਹੁਣ ਤਿੰਨ ਸਾਲ ਦੀ ਹੋ ਗਈ ਹੈ ਅਤੇ ਹੁਣ ਮੈਂ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹਾਂ। ਜ਼ਿਕਰਯੋਗ ਹੈ ਕਿ ਸੁਸ਼ਮਿਤਾ ਸੇਨ ਨੇ ਦੋ ਬੇਟੀਆਂ ਨੂੰ ਗੋਦ ਲਿਆ ਹੈ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਨਾਲ ਹੀ ਬਿਤਾਉਂਦੀ ਹੈ।