ਐਡਮਿੰਟਨ —ਰੂਰਲ ਹੈਰੀਟੇਜ਼ ਅਤੇ ਸਪੋਰਟਸ ਕਲੱਬ ਵੱਲੋਂ ਪੰਜਾਬੀ ਦੇ ਮਸ਼ਹੂਰ ਲੇਖਕ ਗੁਰਮੇਲ ਬੌਡੇ ਦਾ ਕਹਾਣੀ ਸੰਗ੍ਰਹਿ ‘ਤਾਬੂਤ’ ਐਡਮਿੰਟਨ ਦੇ ਮਰੇਡੀਅਮ ਬੈਕਿਊਟ ਹਾਲਜੋ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰਦਿਆਂ ਤਰਕਸ਼ੀਲ ਸੋਸਾਇਟੀ, ਕੈਨੇਡਾ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਕਿ ਗੁਰਮੇਲ ਸਿੰਘ ਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਕਵਿਤਾਵਾਂ ਹੀ ਨਹੀਂ ਸਗੋਂ ਕਹਾਣੀਆਂ ਵੀ ਲਿਖ ਸਕਦਾ ਹੈ ਅਤੇ ਇਕ ਵਾਰਤਕਵਾਦੀ ਸ਼ਾਹ ਸਵਾਰ ਹੈ। ਗਿੱਲ ਨੇ ਕਿਹਾ ਕਿ ਕਿਤਾਬ ਦੀਆਂ ਕਹਾਣੀਆਂ ਦਾ ਵਿਸ਼ਾ ਦਿਲ ਨੂੰ ਟੁੰਬਣ ਵਾਲਾ ਹੈ ਅਤੇ ਗੁਰਮੇਲ ਦੀ ਲਿਖਣ ਸ਼ੈਲੀ ਵੀ ਕਮਾਲ ਦੀ ਹੈ। ਇਸ ਤੋਂ ਪਹਿਲਾਂ ਗੁਰਮੇਲ ਦੀਆਂ ਕਵਿਤਾਵਾਂ ਅਤੇ ਲੇਖਾਂ ਦੀਆਂ ਕਿਤਾਬਾਂ ਪਾਠਕਾਂ ਨੇ ਪੜ੍ਹੀਆਂ ਹਨ। ਇਸ ਮੌਕੇ ਪੰਜਾਬੀ ਪ੍ਰੈੱਸ ਕੌਂਸਲ ਦੇ ਪ੍ਰਧਾਨ ਹਰਜੀਤ ਸੰਧੂ, ਰੂਰਲ ਹੈਰੀਟੇਜ਼ ਐਂਡ ਸਪੋਰਟਸ ਕਲੱਬ ਦੀ ਪ੍ਰਧਾਨ ਕੁਲਦੀਪ ਕੌਰ ਰੰਧਾਵਾ ਸਮੇਤ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ।