ਪਿਸ਼ਾਵਰ, ਪਾਕਿਸਤਾਨ ਦੇ ਉੱਤਰ ਪੱਛਮੀ ਖ਼ੈਬਰ-ਪਖ਼ਤੂਨਖਵਾ ਸੂਬੇ ਵਿੱਚ ਇਕ ਤੇਜ਼ ਰਫ਼ਤਾਰ ਜੀਪ ਦੇ ਖੱਡ ਵਿੱਚ ਡਿੱਗਣ ਨਾਲ ਇਕੋ ਪਰਿਵਾਰ ਦੇ ਘੱਟੋ-ਘੱਟ 10 ਜੀਅ ਮਾਰੇ ਗਏ। ਮਰਨ ਵਾਲਿਆਂ ਵਿੱਚ ਛੇ ਅੌਰਤਾਂ ਸ਼ਾਮਲ ਹਨ। ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।
ਪੁਲੀਸ ਦੇ ਦੱਸਣ ਅਨੁਸਾਰ ਵਧੇਰੇ ਸਵਾਰੀਆਂ ਨਾਲ ਭਰੀ ਜੀਪ ਬਾਲਾਕੋਟ ਤੋਂ ਸੰਗਰ ਜਾ ਰਹੀ ਸੀ, ਜਦੋਂ ਡਰਾਈਵਰ ਦਾ ਇਸ ’ਤੇ ਨਿਯੰਤਰਣ ਨਾ ਰਿਹਾ।
ਇਕੋ ਪਰਿਵਾਰ ਦੇ 10 ਵਿਅਕਤੀਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਤੇ ਬਚਾਓ ਟੀਮਾਂ ਘਟਨਾ ਵਾਲੀ ਥਾਂ ਪੁੱਜੀਆਂ ਤੇ ਪੀੜਤਾਂ ਨੂੰ ਖੱਡ ਵਿੱਚੋਂ ਕੱਢ ਕੇ ਹਸਪਤਾਲ ਵਿੱਚ ਪਹੁੰਚਾਇਆ। ਪੁਲੀਸ ਦੇ ਦੱਸਣ ਅਨੁਸਾਰ ਇਹ ਪਰਿਵਾਰ ਆਪਣੇ ਰਿਸ਼ਤੇਦਾਰ ਨੂੰ ਏਅਰਪੋਰਟ ਤੋਂ ਲੈ ਕੇ ਪਰਤ ਰਿਹਾ ਸੀ। ਇਹ ਰਿਸ਼ਤੇਦਾਰ ਉਮਰਾਹ ਤੋਂ ਹੁਣੇ ਮੁੜਿਆ ਸੀ।