Close
Menu

Asian Games : ਸੋਨੇ ਤੋਂ ਖੁੰਝੀ ਭਾਰਤੀ ਮਹਿਲਾ ਹਾਕੀ ਟੀਮ, ਚਾਂਦੀ ਨਾਲ ਕਰਨਾ ਪਿਆ ਸਬਰ

-- 31 August,2018

ਜਕਾਰਤਾ— ਭਾਰਤੀ ਮਹਿਲਾ ਹਾਕੀ ਟੀਮ ਦਾ ਏਸ਼ੀਆਈ ਖੇਡਾਂ ਵਿਚ 36 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਸੋਨ ਤਮਗਾ ਜਿੱਤਣ ਦਾ ਸੁਪਨਾ ਸ਼ੁੱਕਰਵਾਰ ਨੂੰ ਹਾਈ ਵੋਲਟੇਜ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ।
ਭਾਰਤੀ ਮਹਿਲਾ ਟੀਮ 20 ਸਾਲ ਦੇ ਲੰਬੇ ਸਮੇਂ ਬਾਅਦ 18ਵੀਆਂ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਖੇਡ ਰਹੀ ਸੀ ਪਰ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਜਾਪਾਨ ਨੇ ਸੋਨ ਤਮਗਾ ਜਿੱਤਣ ਦੇ ਨਾਲ ਹੀ ਆਪਣੀ ਮੇਜ਼ਬਾਨੀ ਵਿਚ 2020 ਵਿਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਸਿੱਧੇ ਕੁਆਲੀਫਾਈ ਵੀ ਕਰ ਲਿਆ। ਭਾਰਤ ਨੇ ਏਸ਼ੀਆਈ ਖੇਡਾਂ ਵਿਚ ਇਕਲੌਤੀ ਵਾਰ 982 ਵਿਚ ਨਵੀਂ ਦਿੱਲੀ ਵਿਚ ਆਪਣੀ ਮੇਜ਼ਬਾਨੀ ਵਿਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਪੁਰਸ਼ ਟੀਮ ਦੇ ਸੈਮੀਫਾਈਨਲ ਵਿਚ ਮਲੇਸ਼ੀਆ ਹੱਥੋਂ ਸਡਨ ਡੈੱਥ ਵਿਚ ਹਾਰ ਜਾਣ ਤੋਂ ਬਾਅਦ ਉਮੀਦ ਸੀ ਕਿ ਮਹਿਲਾ ਟੀਮ ਸੋਨ ਤਮਗਾ ਜਿੱਤ ਕੇ ਇਨ੍ਹਾਂ ਜ਼ਖ਼ਮਾਂ ‘ਤੇ ਮਰਹਮ ਲਗਾਏਗੀ ਪਰ ਮਹਿਲਾ ਟੀਮ ਵੀ ਨਿਰਾਸ਼ ਕਰ ਗਈ ਤੇ ਉਸ ਨੂੰ ਦੂਜੀ ਵਾਰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਚੀਨ ਨੇ ਇਸ ਤੋਂ ਪਹਿਲਾਂ ਕੋਰੀਆ ਨੂੰ 2-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।
ਜਾਪਾਨ ਨੇ ਮੈਚ ਦੇ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਬੜ੍ਹਤ ਬਣਾਈ। ਮਿਨਾਮੀ ਸ਼ਿਮਿਜੂ ਨੇ ਇਹ ਗੋਲ ਕੀਤਾ। ਪਹਿਲੇ ਕੁਆਰਟਰ ਵਿਚ ਜਾਪਾਨ 1-0 ਨਾਲ ਅੱਗੇ ਸੀ। ਬਰਾਬਰੀ ਦੀ ਕੋਸ਼ਿਸ਼ ਵਿਚ ਲੱਗੀ ਭਾਰਤੀ ਟੀਮ ਨੂੰ 25ਵੇਂ ਮਿੰਟ ਵਿਚ ਬਰਾਬਰੀ ਮਿਲੀ ਜਦੋਂ ਨਵਨੀਤ ਕੌਰ ਦੇ ਰਿਵਰਸ ਸਟਿਕ ਨਾਲ ਲਾਏ ਗਏ ਪਾਸ ਨੂੰ ਨੇਹਾ ਗੋਇਲ ਨੇ ਬਹੁਤ ਹੀ ਆਰਾਮ ਨਾਲ ਗੋਲ ਦੀ ਦਿਸ਼ਾ ਦਿਖਾ ਦਿੱਤੀ। ਪਹਿਲਾ ਹਾਫ 1-1 ਨਾਲ ਬਰਾਬਰ ਰਿਹਾ। ਦੂਜੇ ਹਾਫ ਵਿਚ ਵੀ ਦੋਵੇਂ ਟੀਮਾਂ ਵਿਚਾਲੇ ਜ਼ਬਰਦਸਤ ਸੰਘਰਸ਼ ਚੱਲਦਾ ਰਿਹਾ। ਜਾਪਾਨ ਨੂੰ 44ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਤੇ ਮੋਤੋਮੀ ਕਾਵਾਮੂਰਾ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਅੱਗੇ ਕਰ ਦਿੱਤਾ ਅਤੇ ਇਹ ਸਕੋਰ ਅੰਤ ਤਕ ਬਰਕਰਾਰ ਰਿਹਾ।

Facebook Comment
Project by : XtremeStudioz